800 ਰੁਪਏ ਦੇ ਝਗੜੇ ਨੇ ਲੈ ਲਈ ਨੌਜਵਾਨ ਦੀ ਜਾਨ, ਮੁਹਾਲੀ ਪੁਲਿਸ ਵੱਲੋਂ ਦੋ ਕਾਤਲ ਕਾਬੂ
May 23, 2026
Daily Gianwan Bureau / Panjab
ਮੁਹਾਲੀ ਵਿੱਚ ਮਹਿਜ਼ 800 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਨੌਜਵਾਨ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾਉਂਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਕਾਰਵਾਈ ਥਾਣਾ ਬਲੌਂਗੀ ਦੇ ਮੁੱਖ ਅਫ਼ਸਰ ਇੰਸਪੈਕਟਰ ਪੈਰੀਵਿੰਕਲ ਗਰੇਵਾਲ ਦੀ ਅਗਵਾਈ ਹੇਠ ਕੀਤੀ ਗਈ। ਪੁਲਿਸ ਮੁਤਾਬਕ ਸ਼ਿਕਾਇਤਕਰਤਾ ਰਵੀ ਪੁੱਤਰ ਸਵਰਗਵਾਸੀ ਮਦਨ ਲਾਲ, ਵਾਸੀ ਬਲੌਂਗੀ, ਨੇ ਦੱਸਿਆ ਕਿ ਉਹ ਆਪਣੇ ਭਰਾ ਅਭੀ ਅਤੇ ਮਾਤਾ ਨੂੰ ਮਿਲਣ ਲਈ ਘਰ ਆਇਆ ਹੋਇਆ ਸੀ। ਉਸ ਸਮੇਂ ਅਭੀ ਗਲੀ ਵਿੱਚ ਅਨਿਲ, ਉਸਦੇ ਛੋਟੇ ਭਰਾ ਛੋਟੂ ਅਤੇ ਇੱਕ ਹੋਰ ਭਰਾ ਨਾਲ ਗੱਲਬਾਤ ਕਰ ਰਿਹਾ ਸੀ। ਕੁਝ ਸਮੇਂ ਬਾਅਦ ਉੱਥੇ ਝਗੜਾ ਸ਼ੁਰੂ ਹੋ ਗਿਆ। ਜਦੋਂ ਰਵੀ ਬਾਹਰ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਅਨਿਲ ਅਤੇ ਉਸਦੇ ਭਰਾ ਅਭੀ ਦੀ ਕੁੱਟਮਾਰ ਕਰ ਰਹੇ ਸਨ। ਇਸ ਦੌਰਾਨ ਅਨਿਲ ਦੇ ਸਭ ਤੋਂ ਛੋਟੇ ਭਰਾ ਨੇ ਚਾਕੂ ਨਾਲ ਅਭੀ ’ਤੇ ਹਮਲਾ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਹਾਲਤ ਵਿੱਚ ਅਭੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਅਭੀ ਨੇ ਮੁਲਜ਼ਮ ਅਨਿਲ ਕੋਲੋਂ 800 ਰੁਪਏ ਲੈਣੇ ਸਨ ਅਤੇ ਇਸੇ ਗੱਲ ਨੂੰ ਲੈ ਕੇ ਝਗੜਾ ਖੂਨੀ ਰੂਪ ਧਾਰ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਮਿਲ ਰਹੀ ਜਾਣਕਾਰੀ ਦੇ ਆਧਾਰ ’ਤੇ ਮੁੱਖ ਮੁਲਜ਼ਮ ਅਨਿਲ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ।A Dispute Over Rs 800 Took The Life Of A Young Man Mohali Police Arrested Two Murderers
Comments
Recommended Stories
Latest
Crime News
Most Visited Stories