November 12, 2024
Daily Gianwan Bureau / Doraha
ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ।ਖੇਡਾਂ ਮਨੁੱਖ ਦੇ ਸਰਬਪੱਖੀ ਵਿਕਾਸ ਦਾ ਮਹੱਤਵਪੂਰਨ ਸਾਧਨ ਹਨ। ਬੱਚੇ ਦੀਆਂ ਖੇਡ-ਰੁਚੀਆਂ ਹੀ ਉਸਦੇ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ। ਇਹਨਾਂ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ, ਦੋਰਾਹਾ ਵਿਖੇ ਦੋ ਰੋਜ਼ਾ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ।ਅੱਜ ਮਿਤੀ 12 ਨਵੰਬਰ, 2024 ਨੂੰ ਸਾਲਾਨਾ ਖੇਡ ਸਮਾਗਮ ਦੇ ਆਖ਼ਰੀ ਦਿਨ ਜਮਾਤ ਨਰਸਰੀ ਤੋਂ ਲੈ ਕੇ ਜਮਾਤ ਦੂਸਰੀ ਤੱਕ ਦੇ ਨੰਨੇ੍ਹ-ਮੁੰਨੇ੍ਹ ਬੱਚਿਆਂ ਦੀਆਂ ਦਿਲਚਸਪ ਖੇਡਾਂ ਕਰਵਾਈਆਂ ਗਈਆਂ।ਜਿਸ ਵਿੱਚ 25 ਮੀਟਰ ਗਾਰਲੈਂਡ ਰੇਸ, 50 ਮੀਟਰ ਬੈਕ ਰੇਸ; ਕੈਪ ਰੈਸ; ਬਾਲ ਰੇਸ; ਬੋਰੀ ਰੇਸ, 100 ਮੀਟਰ ਰੇਸ, ਲੈਮਨ ਸਪੂਨ ਰੇਸ ਅਤੇ ਰਿਲੇਅ ਆਦਿ ਦੌੜਾਂ ਕਰਵਾਈਆਂ ਗਈਆਂ।ਨੰਨ੍ਹੇ-ਮੁੰਨੇ੍ਹ ਬੱਚੇ ਟਰੈਕ ਵਿੱਚ ਦੌੜਦੇ ਹੋਏ ਸਭ ਦੇ ਧਿਆਨ ਦਾ ਕੇਂਦਰ ਬਣੇ ਹੋਏ ਸਨ। ਉਹਨਾਂ ਨੇ ਆਪਣੀਆਂ ਖੇਡ ਗਤੀਵਿਧੀਆਂ ਰਾਹੀਂ ਸਭ ਦਾ ਮਨ ਮੋਹ ਲਿਆ ਸੀ।ਇਸ ਮੌਕੇ ਕ੍ਰਮਵਾਰ ਅਧਿਆਪਕਾਂ, ਡਰਾਇਵਰਾਂ ਅਤੇ ਚੌਥੇ ਦਰਜੇ ਦੇ ਕਰਮਚਾਰੀਆਂ ਦੀ 200 ਮੀਟਰ ਦੌੜ ਦੇ ਮੁਕਾਬਲੇ ਕਰਵਾਏ ਗਏ।ਜੇਤੂ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸਕੂਲ ਪ੍ਰਿੰਸੀਪਲ ਡੀ.ਪੀ.ਠਾਕੁਰ ਜੀ ਵੱਲੋਂ ਇਨਾਮ ਤਕਸੀਮ ਕੀਤੇ ਗਏ।ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਨੇ ਸਕੂਲ ਦੇ ਸਾਲਾਨਾ ਖੇਡ ਸਮਾਗਮ ਦੇ ਸਫ਼ਲਤਾਪੂਰਵਕ ਨੇਪਰੇ ਚੜ੍ਹਨ ਤੇ ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਸਕੂਲ ਪ੍ਰਿੰਸੀਪਲ ਡੀ.ਪੀ.ਠਾਕੁਰ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਮੈਨੇਜਰ ਅਦਰਸ਼ਪਾਲ ਬੈਕਟਰ, ਗੋਵਿੰਦ ਬਰਾੜ, ਰਵਿੰਦਰ ਸਿੰਘ ਮਲਹਾਂਸ, ਨਵਨੀਤ ਸਿੰਘ ਮਾਂਗਟ ਅਤੇ ਹੋਰ ਕਮੇਟੀ ਮੈਂਬਰਾਂ ਨੇ ਇਸ ਮੌਕੇ ‘ਤੇ ਵਧਾਈ ਦਿੱਤੀ।ਸਮਾਗਮ ਦੇ ਅੰਤ ਵਿੱਚ ਸਕੂਲ ਪ੍ਰਿੰਸੀਪਲ ਡੀ.ਪੀ.ਠਾਕੁਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਸੀਂ ਸਕੂਲ ਪ੍ਰਬੰਧਕ ਕਮੇਟੀ ਦੇ ਬਹੁਤ ਧੰਨਵਾਦੀ ਹਾਂ ਜਿੰਨ੍ਹਾਂ ਨੇ ਸਾਨੂੰ ਇਹ ਖੇਡ ਸਮਾਗਮ ਸਫ਼ਲਤਾਪੂਰਵਕ ਸੰਪੰਨ ਕਰਨ ਵਿੱਚ ਸਹਿਯੋਗ ਦਿੱਤਾ। ਇਸ ਦੇ ਨਾਲ ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਖੇਡਾਂ ਸਾਡੇ ਸਰੀਰ ਨੂੰ ਰਿਸ਼ਟ-ਪੁਸ਼ਟ ਅਤੇ ਸ਼ਕਤੀਸ਼ਾਲੀ ਬਣਾਉਂਦੀਆਂ ਹਨ, ਉਥੇ ਹੀ ਸਾਡੇ ਮਨੋਬਲ ਵਿੱਚ ਵੀ ਵਾਧਾ ਕਰਦੀਆਂ ਹਨ। ਇਹਨਾਂ ਖੇਡਾਂ ਰਾਹੀ ਬੱਚਿਆਂ ਵਿੱਚ ਸਦਭਾਵਨਾ ਅਤੇ ਮੁਕਾਬਲੇ ਦੀ ਭਾਵਨਾ ਵਰਗੇ ਨੈਤਿਕ ਗੁਣ ਪ੍ਰਵੇਸ਼ ਕਰਦੇ ਹਨ। ਇਸ ਲਈ ਸਕੂਲ ਵੱਲੋਂ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਅਜਿਹੇ ਪ੍ਰਸੰਸਾਯੋਗ ਉੁਪਰਾਲੇ ਕੀਤੇ ਜਾਂਦੇ ਰਹਿਣਗੇ।
Powered by Froala Editor
Last Day Of Annual Sports Event At Guru Nanak School Doraha