August 23, 2024
ਵਾਤਾਵਰਣ ਸੰਭਾਲ ਵਿੱਚ ਧੀਆਂ ਨਿਭਾਉਣਗੀਆਂ ਅਹਿਮ ਭੂਮਿਕਾ
Daily Gianwan Bureau / Ludhiana
ਲੁਧਿਆਣਾ: ‘ਸੋਚ’ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਵਾਤਾਵਰਣ ਸੰਭਾਲ ਹਿੱਤ ਅਹਿਮ ਯੋਗਦਾਨ ਪਾਉਂਦੀ ਆ ਰਹੀ ਹੈ। ਹਵਾ, ਪਾਣੀ, ਧਰਤ, ਜੰਗਲ ਆਦਿ ਦੀ ਸਾਂਭ-ਸੰਭਾਲ ਹਿੱਤ ਪੰਜਾਬ ਦੇ ਵੱਖ-ਵੱਖ ਖਿੱਤਿਆਂ ਵਿੱਚ ਅਨੇਕਾਂ ਕਾਰਜ ਚੱਲ ਰਹੇ ਹਨ। ਸੰਸਥਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਾਂਸ ਕਲਾਂ ਵਿੱਚ ਇੱਕ ਅਹਿਮ ਪ੍ਰੋਜੈਕਟ ‘ਫੀਮੇਲ ਫਸਟ ਇਨਵਾਇਰਮੈਂਟ ਫਸਟ ਸ਼ੁਰੂ ਕਰਨ ਜਾ ਰਹੀ ਹੈ। ਇਹ ਇੱਕ ਕਿਸਮ ਦਾ ਵਿਲਖਣ ਪ੍ਰੋਜੈਕਟ ਹੈ, ਜਿਸ ਵਿੱਚ ਧੀਆਂ ਧਿਆਣੀਆਂ ਤੇ ਪਿੰਡ ਦੇ ਘਰ ਦੀਆਂ ਸੁਆਣੀਆਂ ਅਹਿਮ ਯੋਗਦਾਨ ਪਾਉਣਗੀਆਂ| ਸੰਤ ਬਾਬਾ ਗੁਰਮੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾ ਵਾਤਾਵਰਣ ਸੰਭਾਲ ਦੇ ਪੱਖ ਤੋਂ ਨਵੀਂ ਪਿਰਤ ਪਾਉਣ ਜਾ ਰਹੀ ਹੈ।
‘ਸੋਚ’ ਸੰਸਥਾ ਦੇ ਪ੍ਰਧਾਨ ਅਤੇ ਵਾਤਾਵਰਣ ਮਾਹਿਰ ਡਾ. ਬਲਵਿੰਦਰ ਸਿੰਘ ਲੱਖੇਵਾਲੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਖਾਲਸਾ ਕਾਲਜ ਫਾਰ ਵੋਮੈਨ ਦੀਆਂ 50 ਵਿਦਿਆਰਥਣਾਂ ਪੱਕੇ ਤੌਰ ਤੇ ‘ਸੋਚ ’ ਸੰਸਥਾ ਨਾਲ ਜੁੜ ਗਈਆਂ ਹਨ। ਇਸੇ ਤਰ੍ਹਾਂ ਹੀ 50 ਵਿਦਿਆਰਥਣਾਂ ਸ਼ਹੀਦ ਉੱਤਮ ਸਿੰਘ ਹਾਂਸ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਾਂਸ ਕਲਾਂ (ਲੁਧਿ:) ਟੀਮ ਦਾ ਹਿੱਸਾ ਹੋਣਗੀਆਂ।
ਪ੍ਰੋਜੈਕਟ ਦੀ ਸ਼ੁਰੂਆਤ ਵਿੱਚ ਨਗਰ ਦੇ ਹਰ ਘਰ ਦਾ ਡਾਟਾ ਇਕੱਠਾ ਕੀਤਾ ਜਾਵੇਗਾ ਕਿ ਪਹਿਲਾਂ ਘਰਾਂ ਵਿੱਚ ਕਿਹੜੇ ਰੁੱਖ ਮੌਜੂਦ ਹਨ। ਕੂੜਾ-ਕਰਕਟ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾਂਦੀ ਹੈ ਅਤੇ ਖੇਤੀ ਨਾਲ ਸਬੰਧਿਤ ਘਰਾਂ ਦੀਆਂ ਮੋਟਰਾਂ ਤੇ ਕਿੰਨੇ ਰੁੱਖ ਮੌਜੂਦ ਹਨ। ਇਸ ਸ਼ੁਰੂਆਤੀ ਕਾਰਜ ਵਿੱਚ ਪਿੰਡ ਦੀਆਂ ਆਂਗਣਵਾੜੀ ਵਰਕਰ ਵੀ ਆਪਣਾ ਸਾਥ ਦੇਣਗੀਆਂ।
‘ਸੋਚ’ ਸੰਸਥਾ ਦੇ ਸੈਕਟਰੀ ਡਾ. ਬ੍ਰਿਜ ਮੋਹਨ ਭਾਰਦਵਾਜ ਨੇ ਖੁਸ਼ੀ ਜ਼ਹਿਰ ਕਰਦਿਆਂ ਕਿਹਾ ਕਿ ਹਰ ਘਰ ਵਿੱਚ ਇੱਕ ਫਲਦਾਰ, ਫੁੱਲਾਂ ਵਾਲਾ ਜਾਂ ਦਵਾਈਆਂ ਵਾਲਾ ਰੁੱਖ ਦਿੱਤਾ ਜਾਵੇਗਾ ਅਤੇ ਉਸ ਰੁੱਖ ਨੂੰ ਲਾਉਣ ਅਤੇ ਉਸ ਨੂੰ ਪਾਲਣ ਦੀ ਜਿੰਮੇਵਾਰੀ ਘਰ ਦੀ ਕਿਸੇ ਸੁਆਣੀ ਨੂੰ ਦਿੱਤੀ ਜਾਵੇਗੀ। ਧੀਆਂ ਨੂੰ ਮੋਹਰੀ ਰੱਖ ਕੇ ਉਲੀਕੇ ਗਏ ਇਸ ਪ੍ਰੋਜੈਕਟ ਦੀ ਕਮਾਂਡ ਵੀ 'ਸੋਚ' ਸੰਸਥਾ ਦੀਆਂ ਵੱਖ-ਵੱਖ ਖੇਤਰਾਂ ਵਿੱਚ ਨਿਪੁੰਨ ਔਰਤਾਂ ਕੋਆਰਡੀਨੇਟਰ ਵਜੋਂ ਸੰਭਾਲਣਗੀਆਂ। ਜਿਨਾਂ ਵਿੱਚ ਵਿਸ਼ੇਸ਼ ਤੌਰ ਤੇ ਡਾ. ਮਨਮੀਤ ਮਾਨਵ, ਸ਼੍ਰੀਮਤੀ ਰਵਿੰਦਰ ਕੌਰ, ਸ੍ਰੀਮਤੀ ਸੁਨੈਨਾ ਮਿੱਤਲ, ਮੈਡਮ ਅਮਨਜੀਤ ਕੌਰ ਅਤੇ ਅੰਜਲੀ ਸ਼ਰਮਾ ਟੀਮ ਲੀਡਰ ਦੇ ਤੌਰ ਤੇ ਕੰਮ ਕਰਨਗੀਆਂ।
ਇਹ ਗੱਲ ਬਹੁਤ ਅਹਿਮ ਹੈ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਉਣ ਵਿੱਚ ਪਿੰਡ ਦੇ ਐਨ.ਆਰ.ਆਈ. ਸ੍ਰ. ਬੂਟਾ ਸਿੰਘ ਜੀ ਵਿਸ਼ੇਸ਼ ਭੂਮਿਕਾ ਨਿਭਾ ਰਹੇ ਹਨ ਅਤੇ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੀ ਕਾਰਜ ਨੂੰ ਲੈ ਕੇ ਪੱਬਾਂ ਭਾਰ ਹੈ। ਹਾਂਸ ਕਲਾਂ ਦੇ ਅਨੇਕਾਂ ਨੌਜਵਾਨ ਅਤੇ ਨਗਰ ਨਿਵਾਸੀਆਂ ਤੋਂ ਇਲਾਵਾ ‘ਸੋਚ’ ਸੰਸਥਾ ਦੇ ਵੱਖ-ਵੱਖ ਮੈਂਬਰ ਜਿਵੇਂ ਕਿ ਸ੍ਰ. ਚਰਨਦੀਪ ਸਿੰਘ, ਇੰਜੀ. ਅਮਰਜੀਤ ਸਿੰਘ, ਵਿਕਾਸ ਸ਼ਰਮਾ, ਸਰਬਜੀਤ ਕੌਰ, ਰਾਹੁਲ ਕੁਮਾਰ ਅਤੇ ਸ਼੍ਰੀਮਤੀ ਹਰਵਿੰਦਰ ਕੌਰ (ਜਗਾਧਰੀ) ਇਸ ਅਹਿਮ ਪ੍ਰੋਜੈਕਟ ਨੂੰ ਲੈ ਕੇ ਵਡਮੁੱਲਾ ਯੋਗਦਾਨ ਪਾ ਰਹੇ ਹਨ।
Powered by Froala Editor
Daughters Will Be At The Forefront Of The Environment friendly Work Of Soch Organisation Dr Balwinder Singh Lakhewali